ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਪਿੰਡ ਨੰਗਲੀ ਵਿਖੇ 5 ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ

ਪੀ. ਏ. ਯੂ. ਲੁਧਿਆਣਾ ਅਤੇ ਆਈ.ਸੀ.ਏ.ਆਰ.-ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਖੋਜ ਸੰਸਥਾ, ਅਟਾਰੀ ਜ਼ੋਨ-1 ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਮਿਤੀ 1.9.2025 ਤੋਂ 5.9.2025 ਤੱਕ ਪਿੰਡ ਨੰਗਲੀ ਵਿਖੇ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ 5 ਰੋਜ਼ਾ ਸਿਖਲਾਈ ਕੋਰਸ ਕਰਵਾਇਆ । ਇਹ ਸਿਖਲਾਈ ਸੀ.ਆਰ.ਐਮ. ਪ੍ਰੋਜੈਕਟ ਦੇ ਤਹਿਤ ਕੇਵੀਕੇ ਦੇ ਸਹਾਇਕ ਡਾਇਰੈਕਟਰ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਉਹਨਾਂ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਮਨੁੱਖੀ ਸਿਹਤ ਅਤੇ ਜੀਵ ਜੰਤੂਆਂ ਦੇ ਨਾਲ ਨਾਲ ਮਿੱਟੀ ਦੀ ਸਿਹਤ ਦਾ ਬਹੁਤ ਨੁਕਸਾਨ ਹੁੰਦਾ ਹੈ, ਜਿਸ ਕਾਰਣ ਜ਼ਮੀਨ ਦੀ ਉਪਜਾਊ ਸ਼ਕਤੀ ਕਾਫੀ ਹੱਦ ਤੱਕ ਘੱਟਦੀ ਹੈ ਅਤੇ ਇਹ ਖੇਤੀ ਲਈ ਢੁੱਕਵੀਂ ਨਹੀਂ ਰਹਿੰਦੀ। ਡਾ. ਜਗਮਨਜੋਤ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਦੁਆਰਾ ਆਯੋਜਿਤ ਇਸ ਸਿਖਲਾਈ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ। ਡਾ. ਅਪਰਨਾ (ਪ੍ਰੋਫ਼ੈਸਰ), ਡਾ. ਸੰਜੀਵ ਆਹੂਜਾ (ਐਸੋਸੀਏਟ ਪ੍ਰੋਫ਼ੈਸਰ) ਅਤੇ ਡਾ. ਅੰਕੁਰਦੀਪ ਪ੍ਰੀਤੀ (ਅਸਿਸਟੈਂਟ ਪ੍ਰੋਫ਼ੈਸਰ) ਨੇ ਆਪਣੇ-ਆਪਣੇ ਖੇਤਾਂ ਵਿੱਚ ਝੋਨੇ ਦੀ ਰਹਿੰਦ-ਖੂੰਹਦ ਦੀ ਬਦਲਵੀਂ ਵਰਤੋਂ ਬਾਰੇ ਮਾਰਗਦਰਸ਼ਨ ਕੀਤਾ। ਡਾ. ਸਤਬੀਰ ਨੇ ਇਸ ਸਿਖਲਾਈ ਵਿੱਚ ਆਏ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਦੀ ਵਰਤੋਂ ਕਰਕੇ ਪਲਾਰੀ ਦਾ ਸੁਚੱਜਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ। ਇਹਨਾਂ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਫਾਲੋ-ਅੱਪ ਸੈਸ਼ਨ ਅਤੇ ਪ੍ਰਦਰਸ਼ਨੀਆਂ ਕਰਨ ਦੀ ਯੋਜਨਾ ਬਾਰੇ ਵੀ ਤਫਸੀਲ ਜਾਣਕਾਰੀ ਸਾਂਝੀ ਕੀਤੀ।

ਝੋਨੇ ਅਤੇ ਬਾਸਮਤੀ ਦੀ ਫ਼ਸਲ ਸੰਬੰਧੀ ਖੇਤੀਬਾੜੀ ਸਲਾਹ

ਝੋਨਾ: ਜੇਕਰ ਨਾਈਟ੍ਰੋਜਨ ਦੀ ਘਾਟ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਨਜ਼ਰ ਆਵੇ ਤਾਂ 3% ਯੂਰੀਆ ਦੀ ਸਪਰੇਅ ਕਰੋ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% – ਪੋਟਾਸ਼ੀਅਮ ਨਾਈਟ੍ਰੇਟ (3 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲਿਟਰ ਪਾਣੀ-ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰੋ। ਮੌਜੂਦਾ ਮੌਸਮ ਨਾਲ ਝੋਨੇ ਵਿੱਚ ਝੂਠੀ ਕਾਂਗਿਆਰੀ ਦੀ ਸਮੱਸਿਆ ਵੱਧ ਸਕਦੀ ਹੈ। ਇਸ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਡੀ ਐਫ ਦੀ ਪਹਿਲੀ ਸਪਰੇ ਜਦੋਂ ਝੋਨਾ ਗੋਭ ਵਿੱਚ ਹੋਵੇ ਅਤੇ ਦੂਜੀ ਸਪਰੇਅ, 400 ਮਿਲੀਲਿਟਰ ਗਲੀਲਿਓ ਵੇਅ 18.76 ਐਸ ਸੀ 10-15 ਦਿਨਾਂ ਬਾਅਦ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।

ਮੱਕੀ ਦੀ ਫ਼ਸਲ ਸੰਬੰਧੀ ਖੇਤੀਬਾੜੀ ਸਲਾਹ

ਮੱਕੀ: ਲਗਾਤਾਰ ਹੋ ਰਹੀ ਬਾਰਿਸ਼ਾਂ ਕਾਰਣ ਨਾਲ ਮੱਕੀ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸਲਈ ਖੇਤ ਵਿਚ ਖੜ੍ਹੇ ਪਾਣੀ ਨੂੰ ਕੱਢਣ ਲਈ ਲੋੜੀਂਦੇ ਪ੍ਰਬੰਧ ਕਰੋ। ਜੇਕਰ ਜ਼ਿਆਦਾ ਪਾਣੀ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਯੂਰੀਆ 200 ਲਿਟਰ ਪਾਣੀ (3 ਪ੍ਰਤੀਸ਼ਤ) ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ ਦੇ ਵਕਫੇ ਤੋਂ ਦੋ ਵਾਰ ਛਿੜਕਾਅ ਕਰੋ। ਜੇਕਰ ਨੁਕਸਾਨ ਜਿਆਦਾ ਹੋ ਜਾਵੇ ਤਾਂ ਫ਼ਸਲ ਵਿਚੋਂ ਪਾਣੀ ਕੱਢਣ ਮਗਰੋਂ 12-24 ਕਿਲੋ ਨਾਈਟ੍ਰੋਜਨ (25-50 ਕਿਲੋ ਯੂਰੀਆ) ਪ੍ਰਤੀ ਏਕੜ ਹੋਰ ਪਾਓ। ਮੱਕੀ ਦੇ ਖੇਤ ਵਿੱਚ ਟਾਂਡੇ ਗਲਣ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਖੇਤ ਦਾ ਲਗਾਤਾਰ ਸਰਵੇਖਣ ਕਰੋ। ਜਦੋਂ ਵੀ ਇਹ ਬਿਮਾਰੀ 1-2 ਬੂਟਿਆਂ ਤੇ ਨਜ਼ਰ ਆਵੇ ਤਾਂ ਉਹ ਪੌਦਿਆਂ ਦੇ ਮੁੱਖਾਂ ਨੂੰ ਨਸ਼ਟ ਕਰ ਦਿਓ।