ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਪਿੰਡ ਨੰਗਲੀ ਵਿਖੇ 5 ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ

ਪੀ. ਏ. ਯੂ. ਲੁਧਿਆਣਾ ਅਤੇ ਆਈ.ਸੀ.ਏ.ਆਰ.-ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਖੋਜ ਸੰਸਥਾ, ਅਟਾਰੀ ਜ਼ੋਨ-1 ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਮਿਤੀ 1.9.2025 ਤੋਂ 5.9.2025 ਤੱਕ ਪਿੰਡ ਨੰਗਲੀ ਵਿਖੇ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ 5 ਰੋਜ਼ਾ ਸਿਖਲਾਈ ਕੋਰਸ ਕਰਵਾਇਆ । ਇਹ ਸਿਖਲਾਈ ਸੀ.ਆਰ.ਐਮ. ਪ੍ਰੋਜੈਕਟ ਦੇ ਤਹਿਤ ਕੇਵੀਕੇ ਦੇ ਸਹਾਇਕ ਡਾਇਰੈਕਟਰ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਉਹਨਾਂ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਮਨੁੱਖੀ ਸਿਹਤ ਅਤੇ ਜੀਵ ਜੰਤੂਆਂ ਦੇ ਨਾਲ ਨਾਲ ਮਿੱਟੀ ਦੀ ਸਿਹਤ ਦਾ ਬਹੁਤ ਨੁਕਸਾਨ ਹੁੰਦਾ ਹੈ, ਜਿਸ ਕਾਰਣ ਜ਼ਮੀਨ ਦੀ ਉਪਜਾਊ ਸ਼ਕਤੀ ਕਾਫੀ ਹੱਦ ਤੱਕ ਘੱਟਦੀ ਹੈ ਅਤੇ ਇਹ ਖੇਤੀ ਲਈ ਢੁੱਕਵੀਂ ਨਹੀਂ ਰਹਿੰਦੀ। ਡਾ. ਜਗਮਨਜੋਤ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਦੁਆਰਾ ਆਯੋਜਿਤ ਇਸ ਸਿਖਲਾਈ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ। ਡਾ. ਅਪਰਨਾ (ਪ੍ਰੋਫ਼ੈਸਰ), ਡਾ. ਸੰਜੀਵ ਆਹੂਜਾ (ਐਸੋਸੀਏਟ ਪ੍ਰੋਫ਼ੈਸਰ) ਅਤੇ ਡਾ. ਅੰਕੁਰਦੀਪ ਪ੍ਰੀਤੀ (ਅਸਿਸਟੈਂਟ ਪ੍ਰੋਫ਼ੈਸਰ) ਨੇ ਆਪਣੇ-ਆਪਣੇ ਖੇਤਾਂ ਵਿੱਚ ਝੋਨੇ ਦੀ ਰਹਿੰਦ-ਖੂੰਹਦ ਦੀ ਬਦਲਵੀਂ ਵਰਤੋਂ ਬਾਰੇ ਮਾਰਗਦਰਸ਼ਨ ਕੀਤਾ। ਡਾ. ਸਤਬੀਰ ਨੇ ਇਸ ਸਿਖਲਾਈ ਵਿੱਚ ਆਏ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਦੀ ਵਰਤੋਂ ਕਰਕੇ ਪਲਾਰੀ ਦਾ ਸੁਚੱਜਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ। ਇਹਨਾਂ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਫਾਲੋ-ਅੱਪ ਸੈਸ਼ਨ ਅਤੇ ਪ੍ਰਦਰਸ਼ਨੀਆਂ ਕਰਨ ਦੀ ਯੋਜਨਾ ਬਾਰੇ ਵੀ ਤਫਸੀਲ ਜਾਣਕਾਰੀ ਸਾਂਝੀ ਕੀਤੀ।